| ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵਰਲਡ ਟੂਰ ਹੋਣ ਜਾ ਰਿਹਾ ਹੈ। |
ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਜੀ ਹਾਂ...ਅਸੀਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੱਲ ਕਰ ਰਹੇ ਹਾਂ, ਜੋ ਸਰੀਰਕ ਤੌਰ ਉਤੇ ਜ਼ਿੰਦਾ ਨਾ ਹੋਣ ਦੇ ਬਾਵਜੂਦ ਵੀ ਵਰਲਡ ਟੂਰ ਕਰਨ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਗਾਇਕ ਦੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਗਈ ਹੈ। "2026" ਦੇ ਕਪੈਸ਼ਨ ਨਾਲ ਸਾਂਝੀ ਕੀਤੀ ਗਈ ਇਸ ਪੋਸਟ ਦੇ ਬੈਕਗਰਾਊਂਡ ਵਿੱਚ ਸਿੱਧੂ ਮੂਸੇਵਾਲਾ ਦਾ ਗੀਤ ਚੱਲ ਰਿਹਾ ਹੈ ਅਤੇ ਵੀਡੀਓ ਉਤੇ ਵਰਲਡ ਟੂਰ ਦਾ ਐਲਾਨ ਕੀਤਾ ਗਿਆ ਹੈ।
ਹਾਲਾਂਕਿ ਟੀਮ ਇਸ ਨੂੰ ਅੰਜ਼ਾਮ ਕਿਸ ਤਰ੍ਹਾਂ ਦੇਵੇਗੀ, ਇਸ ਸੰਬੰਧੀ ਵੇਰਵੇ ਅਜੇ ਲੁਕਾਏ ਹੋਏ ਹਨ। ਪਰ ਹਰ ਕੋਈ ਇਸ ਨੂੰ ਲੈ ਕੇ ਹੈਰਾਨੀ ਪ੍ਰਗਟਾਅ ਰਿਹਾ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਬਾਈ ਅਮਰ ਹੋ ਗਿਆ।' ਇੱਕ ਹੋਰ ਨੇ ਲਿਖਿਆ, 'ਆਉਣ ਵਾਲਾ ਹੈ ਸਿੱਧੂ...ਸਾਰੇ 2026 ਵਿੱਚ ਪੇਟੀਆਂ ਬੰਨ੍ਹ ਕੇ ਰੱਖੋਂ ਬਸ।' ਇਸ ਟੂਰ ਸੰਬੰਧੀ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ, ਕੁੱਝ ਇਸ ਟੂਰ ਨੂੰ ਹੋਲੋਗ੍ਰਾਮ ਵਾਲਾ ਟੂਰ ਕਹਿ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਪੰਜਾਬੀ ਸਿਨੇਮਾ ਦੇ ਪਹਿਲੇ ਅਜਿਹੇ ਗਾਇਕ ਹਨ, ਜਿੰਨ੍ਹਾਂ ਦੀ ਮੌਤ ਤੋਂ ਬਾਅਦ ਵੀ ਇੰਨੀ ਵੱਡੀ ਮਾਤਰਾ ਵਿੱਚ ਉਹਨਾਂ ਦੇ ਗੀਤ ਰਿਲੀਜ਼ ਹੋ ਰਹੇ ਹਨ।
ਉਲੇਖਯੋਗ ਹੈ ਕਿ ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਸ਼ਾਨਦਾਰ ਗਾਇਕ ਸੀ। ਉਸ ਦੇ ਬੋਲਡ ਗੀਤਾਂ ਦੇ ਦੁਨੀਆ ਭਰ ਵਿੱਚ ਪ੍ਰਸ਼ੰਸਕ ਸਨ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸਦੀ ਕਾਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮੌਤ ਤੋਂ ਬਾਅਦ ਗਾਇਕ ਦੇ ਕਾਫੀ ਸਾਰੇ ਗੀਤ ਰਿਲੀਜ਼ ਹੋ ਚੁੱਕੇ ਹਨ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਜਿਆਦਾ ਪਿਆਰ ਮਿਲ ਰਿਹਾ ਹੈ। ਹੁਣ ਪ੍ਰਸ਼ੰਸਕ ਵਰਲਡ ਟੂਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।