Kolkata News : ਮੁਲਜ਼ਮਾਂ ’ਚੋਂ 2 ਮੌਜੂਦਾ ਅਤੇ ਇਕ ਸਾਬਕਾ ਵਿਦਿਆਰਥੀ, ਕਾਲਜ ਦੇ ਗਾਰਡ ਰੂਮ ’ਚ ਵਾਪਰੀ ਘਟਨਾ
Kolkata News in Punjabi : ਕੋਲਕਾਤਾ ਵਿਚ ਇਕ ਲਾਅ ਕਾਲਜ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 25 ਜੂਨ ਨੂੰ ਵਾਪਰੀ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਮਨੋਜੀਤ ਮਿਸ਼ਰਾ (31), ਜ਼ੈਬ ਅਹਿਮਦ (19) ਅਤੇ ਪ੍ਰਮਿਤ ਮੁਖਰਜੀ (20) ਵਜੋਂ ਹੋਈ ਹੈ।
ਤਿੰਨਾਂ ਨੂੰ ਦੱਖਣੀ 24 ਪਰਗਨਾ ਦੇ ਅਲੀਪੁਰ ਏਸੀਐਮਜੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਨੇ ਮੁਲਜ਼ਮਾਂ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅੱਗੇ ਦੀ ਜਾਂਚ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਜ਼ਰੂਰੀ ਹੈ। ਪੀੜਤਾ ਦੀ ਡਾਕਟਰੀ ਜਾਂਚ ਅਤੇ ਬਿਆਨ ਦੀ ਪ੍ਰਕਿਰਿਆ ਵੀ ਜਾਰੀ ਹੈ।
ਭਾਜਪਾ ਨੇ ਮੁਲਜ਼ਮਾਂ ਵਿਚੋਂ ਇਕ ਮਨੋਜੀਤ ਮਿਸ਼ਰਾ 'ਤੇ ਤ੍ਰਿਣਮੂਲ ਕਾਂਗਰਸ ਨਾਲ ਜੁੜੇ ਹੋਣ ਦਾ ਦੋਸ਼ ਲਗਾਇਆ ਹੈ।
ਇਹ ਘਟਨਾ ਬੁੱਧਵਾਰ ਸ਼ਾਮ 7:30 ਵਜੇ ਤੋਂ 8:50 ਵਜੇ ਦੇ ਵਿਚਕਾਰ ਕਾਲਜ ਕੈਂਪਸ ਵਿਚ ਵਾਪਰੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਦੋ ਮੌਜੂਦਾ ਵਿਦਿਆਰਥੀ ਅਤੇ ਇਕ ਸਾਬਕਾ ਵਿਦਿਆਰਥੀ ਸ਼ਾਮਲ ਹੈ। ਦੋ ਮੁਲਜ਼ਮਾਂ ਮੋਨੋਜੀਤ ਮਿਸ਼ਰਾ ਅਤੇ ਜ਼ੈਬ ਅਹਿਮਦ ਨੂੰ 26 ਜੂਨ ਨੂੰ ਸ਼ਾਮ 7:20 ਵਜੇ ਤੋਂ 7:35 ਵਜੇ ਦੇ ਵਿਚਕਾਰ ਸਿਧਾਰਥ ਸ਼ੰਕਰ ਰਾਏ ਸ਼ਿਸ਼ੂ ਉਦਯਾਨ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਦੇ ਮੋਬਾਈਲ ਫ਼ੋਨ ਪੁਲਿਸ ਨੇ ਬਰਾਮਦ ਕਰ ਲਏ ਹਨ। ਤੀਜੇ ਮੁਲਜ਼ਮ ਪ੍ਰਮਿਤ ਮੁਖਰਜੀ ਨੂੰ 27 ਜੂਨ ਨੂੰ ਸਵੇਰੇ 12:30 ਵਜੇ ਉਸਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਿਆ ਗਿਆ ਹੈ।
ਭਾਜਪਾ ਆਗੂ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ 'ਤੇ ਇਕ ਖ਼ਬਰ ਸਾਂਝੀ ਕੀਤੀ ਅਤੇ ਲਿਖਿਆ, "ਹੈਰਾਨ ਕਰਨ ਵਾਲੀ ਘਟਨਾ! ਕਾਲਜ ਕੈਂਪਸ ਵਿਚ ਇਕ ਲਾਅ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਦੋਸ਼ੀਆਂ ਵਿਚ ਇਕ ਸਾਬਕਾ ਵਿਦਿਆਰਥੀ ਅਤੇ ਦੋ ਕਾਲਜ ਸਟਾਫ ਸ਼ਾਮਲ ਹਨ।" ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਤ੍ਰਿਣਮੂਲ ਕਾਂਗਰਸ ਨਾਲ ਜੁੜਿਆ ਇਕ ਵਿਅਕਤੀ ਵੀ ਸ਼ਾਮਲ ਹੈ।
ਉਧਰ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਕੋਲਕਾਤਾ ਸਮੂਹਿਕ ਬਲਾਤਕਾਰ ਮਾਮਲੇ ਦਾ ਖੁਦ ਨੋਟਿਸ ਲਿਆ ਹੈ। NCW ਚੇਅਰਪਰਸਨ ਵਿਜਯਾ ਰਹਿਤਕਰ ਨੇ ਕੋਲਕਾਤਾ ਪੁਲਿਸ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਇਸ ਘਟਨਾ ਦੀ ਤੁਰੰਤ ਅਤੇ ਨਿਰਧਾਰਤ ਸਮੇਂ ਦੇ ਅੰਦਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਭਾਰਤੀ ਦੰਡ ਸੰਹਿਤਾ (IPC) ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੀੜਤ ਨੂੰ ਡਾਕਟਰੀ, ਮਾਨਸਿਕ ਅਤੇ ਕਾਨੂੰਨੀ ਮਦਦ ਦਿੱਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 8 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿਚ ਟ੍ਰੇਨੀ ਡਾਕਟਰ ਦੀ ਬਲਾਤਕਾਰ ਮਗਰੋਂ ਹੱਤਿਆ ਹੋਈ ਸੀ। ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਵਿਚ ਰੋਸ ਦੇਖਣ ਨੂੰ ਮਿਲਿਆ ਸੀ, ਜਿਸ ਦੇ ਚਲਦਿਆਂ ਦੇਸ਼ ਪੱਧਰ 'ਤੇ ਡਾਕਟਰਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ।