ਗੁਰੂ ਘਰ 'ਚ ਭੈਣ ਦਾ ਗੋਲੀਆਂ ਮਾਰ ਕੇ ਕਤਲ

 

ਮੋਗਾ ਵਿੱਚ ਭਰਾ ਨੇ ਆਪਣੀ ਸਕੀ ਭੈਣ ਨੂੰ ਲਵ ਮੈਰਿਜ ਕਰਵਾਉਣ ਕਾਰਨ ਸਜ਼ਾ-ਏ-ਮੌਤ ਦਿੱਤੀ ਹੈ।

ਮੋਗਾ: ਜ਼ਿਲ੍ਹੇ ਦੇ ਪਿੰਡ ਦੋਲੇਵਾਲਾ ’ਚ ਅੱਜ ਇੱਕ ਦਿਲ ਦਹਿਲਾ ਦੇਣ ਵਾਲਾ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਰਾ ਨੇ ਆਪਣੀ ਹੀ ਭੈਣ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਕੁੜੀ ਦੀ ਪਛਾਣ ਸਿਮਰਨ ਵਜੋਂ ਹੋਈ ਹੈ, ਜੋ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਇੱਕ ਸਮਾਗਮ ਦੌਰਾਨ ਸੇਵਾ ਕਰ ਰਹੀ ਸੀ। ਸੇਵਾ ਦੌਰਾਨ ਹੀ ਉਸ ਦੇ ਭਰਾ ਹਰਮਨ ਨੇ ਗੋਲੀ ਚਲਾਈ ਜੋ ਸਿੱਧੀ ਸਿਰ ’ਚ ਲੱਗੀ ਅਤੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਕੁੜੀ ਦੇ ਗੁਆਂਢੀ ਅਮਰਜੀਤ ਸਿੰਘ ਨੇ ਦੱਸਿਆ ਕਿ, 'ਸਿਮਰਨ ਇੱਕ ਮਹਾਜਨ ਪਰਿਵਾਰ ਨਾਲ ਸਬੰਧਿਤ ਕੁੜੀ ਸੀ ਅਤੇ ਉਸ ਨੇ ਤਿੰਨ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਰਾਏ ਸਿੱਖ ਪਰਿਵਾਰ ਦੇ ਲੜਕੇ ਨਾਲ ਵਿਆਹ ਕੀਤਾ ਸੀ। ਪਰਿਵਾਰਕ ਅਸਹਿਮਤੀ ਕਾਰਨ, ਉਸ ਦਾ ਭਰਾ ਹਰਮਨ ਵਿਦੇਸ਼ ਚਲਾ ਗਿਆ ਸੀ। ਥੋੜੇ ਸਮੇਂ ਪਹਿਲਾਂ ਹੀ ਉਹ ਵਿਦੇਸ਼ ਤੋਂ ਵਾਪਿਸ ਆਇਆ ਸੀ, ਉਸ ਨੇ ਆਪਣੇ ਗੁੱਸੇ ਨੂੰ ਹੱਦ ਤੋਂ ਜ਼ਿਆਦਾ ਵਧਾ ਲਿਆ ਅਤੇ ਗੁਰਦੁਆਰੇ ’ਚ ਹੀ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ।'

ਮੇਰੇ ਬੇਟੇ ਨੇ ਆਪਣੇ ਹੀ ਪਿੰਡ ਦੀ ਕੁੜੀ ਸਿਮਰਨ ਨਾਲ ਤਿੰਨ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਦੋਵੋਂ ਸੁਖੀ ਵੱਸਦੇ ਸਨ। ਅੱਜ ਪਿੰਡ ਦੇ ਗੁਰੂਘਰ ਵਿੱਚ ਸੇਵਾ ਕਰ ਰਹੀ ਮੇਰੀ ਨੂੰਹ ਸਿਮਰਨ ਨੂੰ ਉਸ ਦੇ ਸਕੇ ਭਰਾ ਨੇ ਸਿਰ ਵਿੱਚ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ। ਮੇਰਾ ਇੱਕਲੌਤਾ ਪੁੱਤਰ ਸੀ ਅਤੇ ਵਿਆਹ ਕਰਵਾ ਕੇ ਉਹ ਬਹੁਤ ਖੁਸ਼ ਸੀ, ਪਰ ਕੁੜੀ ਦਾ ਭਰਾ ਪਹਿਲੇ ਦਿਨ ਤੋਂ ਹੀ ਇਸ ਲਵ ਮੈਰਿਜ ਦੇ ਖ਼ਿਲਾਫ਼ ਸੀ। ਉਸ ਨੇ ਰੰਜਿਸ਼ ਨੂੰ ਕੱਢਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੂੰ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। -ਗੁਰਜੀਤ ਕੌਰ, ਮ੍ਰਿਤਕਾ ਦੀ ਸੱਸ


ਇੱਕ ਹੋਰ ਪਿੰਡ ਵਾਸੀ ਨੇ ਦੱਸਿਆ ਕਿ, 'ਸਾਡੇ ਪਿੰਡ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਸਿਮਰਨ ਗੁਰਦੁਆਰੇ ’ਚ ਸੇਵਾ ਕਰਦੀ ਰਹਿੰਦੀ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਭਰਾ ਇੰਨਾ ਵੱਡਾ ਕਦਮ ਚੁੱਕ ਲਵੇਗਾ। ਮ੍ਰਿਤਕ ਲੜਕੀ ਸਿਮਰਨ ਦਾ ਸੁਭਾਅ ਬਹੁਤ ਚੰਗਾ ਸੀ ਅਤੇ ਉਸ ਨੇ ਕਦੇ ਕਿਸੇ ਨਾਲ ਉੱਚੀ ਅਵਾਜ਼ ਵਿੱਚ ਗੱਲ ਨਹੀਂ ਕੀਤੀ। ਉਸ ਦੀ ਲਵ ਮੈਰਜ ਹੋਈ ਸੀ, ਪਰ ਕੋਈ ਸੋਚ ਨਹੀਂ ਸਕਦਾ ਸੀ ਕਿ ਪਿਆਰ ਦੇ ਰਿਸ਼ਤੇ ਦਾ ਅੰਜਾਮ ਇੰਨਾ ਦਰਦਨਾਕ ਹੋਵੇਗਾ। ਉਹ ਘਰ ਵਿਚ ਹਮੇਸ਼ਾ ਪਿਆਰ ਨਾਲ ਰਹਿੰਦੀ ਸੀ। ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਇੰਨਾ ਵੱਡਾ ਸਦਮਾ ਲੱਗੇਗਾ।”




ਮਾਮਲੇ ਸਬੰਧੀ ਡੀਐੱਸਪੀ ਰਮਨਦੀਪ ਸਿੰਘ ਨੇ ਕਿਹਾ ਕਿ,'ਪਿੰਡ ਦੋਲੋਵਾਲਾ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਇੱਕ ਸਕੇ ਭਰਾ ਵੱਲੋਂ ਦਿੱਤਾ ਗਿਆ ਹੈ ਅਤੇ ਕਤਲ ਦਾ ਕਾਰਣ ਮ੍ਰਿਤਕ ਲੜਕੀ ਵੱਲੋਂ ਆਪਣੇ ਹੀ ਪਿੰਡ ਦੇ ਨੌਜਵਾਨ ਨਾਲ ਕਰਵਾਈ ਲਵ ਮੈਰਿਜ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕਾ ਦੀ ਮੌਤ ਸਿਰ ਵਿੱਚ ਦੋ ਗੋਲੀਆਂ ਲੱਗਣ ਕਾਰਣ ਹੋਈ ਹੈ। ਮੁਲਜ਼ਮ ਭਰਾ ਨੇ ਵਾਰਦਾਤ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਮ੍ਰਿਤਕ ਕੁੜੀ ਸਿਮਰਨ ਗੁਰੂਘਰ ਦੇ ਲੰਗਰ ਹਾਲ ਵਿੱਚ ਸੇਵਾ ਕਰ ਰਹੀ ਸੀ। ਮ੍ਰਿਤਕਾ ਦੇ ਮੁਲਜ਼ਮ ਭਰਾ ਹਰਮਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਤਲ ’ਚ ਵਰਤੀ ਗਈ ਪਿਸਤੌਲ ਵੀ ਬਰਾਮਦ ਹੋ ਗਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ 'ਤੇ ਕਾਨੂੰਨੀ ਕਾਰਵਾਈ ਜਾਰੀ ਹੈ।”

Post a Comment

Previous Post Next Post