ਮੋਗਾ: ਬੀਤੇ ਦਿਨ ਪੰਜਾਬ ਦੇ ਜ਼ਿਲ੍ਹੇ ਮੋਗੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲ ਕੰਬੋਜ ਨੂੰ ਉਹਨਾਂ ਦੇ ਹੀ ਕਲੀਨਿਕ ਅੰਦਰ ਵੜ੍ਹ ਕੇ 2 ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ। ਅਦਾਕਾਰਾ ਦੇ ਪਿਤਾ ਇਸ ਸਮੇਂ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ, ਉਹਨਾਂ ਦੀਆਂ ਕਈ ਸਰਜਰੀਆਂ ਵੀ ਹੋ ਚੁੱਕੀਆਂ ਹਨ।
ਹੁਣ ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ 2 ਵਿਅਕਤੀਆਂ ਨੇ ਇਲਾਜ ਦੇ ਬਹਾਨੇ ਅਦਾਕਾਰਾ ਦੇ ਪਿਤਾ ਉਤੇ ਗੋਲੀਆਂ ਚਲਾ ਦਿੱਤੀਆਂ।
ਕਿਵੇਂ ਵਾਪਰੀ ਪੂਰੀ ਘਟਨਾ
ਉਲੇਖਯੋਗ ਹੈ ਕਿ ਦੋਵੇਂ ਨੌਜਵਾਨ ਇਲਾਜ ਕਰਵਾਉਣ ਦੇ ਬਹਾਨੇ ਕਲੀਨਿਕ ਦੇ ਅੰਦਰ ਦਾਖਲ ਹੋਏ ਸਨ। ਪਹਿਲੇ ਨੌਜਵਾਨ ਨੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ, ਉਹ ਪਰਨਾ ਬੰਨ੍ਹ ਕੇ ਕਮਰੇ ‘ਚ ਆਉਂਦਾ ਹੈ ਅਤੇ ਆਪਣੀ ਲੱਤ ਚੈੱਕ ਕਰਵਾਉਣ ਦੀ ਗੱਲ ਕਰਦਾ ਹੈ। ਜਿਵੇਂ ਹੀ ਡਾਕਟਰ ਕੰਬੋਜ ਉਸ ਦੀ ਜਾਂਚ ਕਰਨਾ ਸ਼ੁਰੂ ਕਰਦੇ ਹਨ ਤਾਂ ਦੂਜਾ ਨੌਜਵਾਨ ਅਚਾਨਕ ਅੰਦਰ ਆਉਂਦਾ ਹੈ ਅਤੇ ਜੇਬ ’ਚੋਂ ਬੰਦੂਕ ਕੱਢਦਾ ਹੈ ਅਤੇ ਤਾਨੀਆ ਦੇ ਪਿਤਾ ਉੱਤੇ ਗੋਲੀਆਂ ਚਲਾ ਦਿੰਦਾ ਹੈ। ਇਸ ਘਟਨਾ ਦੌਰਾਨ ਅਦਾਕਾਰਾ ਦੇ ਪਿਤਾ ਹੇਠਾਂ ਡਿੱਗ ਜਾਂਦੇ ਹਨ।
ਦੋਵੇਂ ਹਮਲਾਵਰ ਫਾਇਰਿੰਗ ਕਰ ਕੇ ਮੌਕੇ ਤੋਂ ਭੱਜ ਜਾਂਦੇ ਹਨ। ਇਹ ਸਾਰੀ ਵਾਰਦਾਤ ਮੋਗਾ ਦੇ ਕੋਰਟ ਇਸੇ ਖੇਤਰ ਵਿੱਚ ਸਥਿਤ ਕਲੀਨਿਕ ‘ਚ ਵਾਪਰੀ। ਸੀਸੀਟੀਵੀ ਕੈਮਰਿਆਂ ਨੇ ਹਰ ਪਲ ਨੂੰ ਕੈਦ ਕਰ ਲਿਆ ਹੈ, ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਸ ਵਾਰਦਾਤ ਪੂਰੇ ਯੋਜਨਾ ਬੱਧ ਢੰਗ ਨਾਲ ਅੰਜ਼ਾਮ ਦਿੱਤਾ ਗਿਆ। ਫਿਲਹਾਲ ਡਾਕਟਰ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਪੁਲਿਸ ਵੱਲੋਂ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਦੋਵੇਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੂਰੇ ਮਾਮਲੇ ਉਤੇ ਕੀ ਬੋਲੇ ਐਸਐਸਪੀ ਅਜੈ ਗਾਂਧੀ
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ:
"4 ਤਾਰੀਕ ਨੂੰ ਮੋਗਾ ਦੇ ਹਰਬੰਸ ਨਰਸਿੰਗ ਹੋਮ ਵਿੱਚ ਡਾਕਟਰ ਅਨਿਲਜੀਤ ਕੰਬੋਜ ਉੱਤੇ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਦੀ ਹਾਲਤ ਗੰਭੀਰ ਹੈ ਅਤੇ ਉਹ ਹਾਲੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਸਾਡੀ ਪੁਲਿਸ 24 ਘੰਟੇ ਮਿਹਨਤ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਫਰੌਤੀ ਨਾਲ ਵੀ ਜੁੜਿਆ ਹੋ ਸਕਦਾ ਹੈ, ਕਿਉਂਕਿ 2022 ਵਿੱਚ ਵੀ ਇੱਕ ਐਫਆਈਆਰ ਦਰਜ ਹੋਈ ਸੀ, ਜਿਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।"
ਫਿਲਹਾਲ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਹਮਲਾਵਰ ਕਦੋਂ ਪੁਲਿਸ ਦੀ ਪਕੜ ’ਚ ਆਉਂਦੇ ਹਨ, ਇਹ ਵੇਖਣਾ ਦਿਲਚਸਪ ਹੋਵੇਗਾ।
ਅਦਾਕਾਰਾ ਦੇ ਪਿਤਾ ਦੀ ਸਿਹਤ ਬਾਰੇ ਅੱਪਡੇਟ
ਇਸ ਤੋਂ ਇਲਾਵਾ ਮੋਗਾ ਦੇ ਹਰਬੰਸ ਨਰਸਿੰਗ ਹੋਮ ’ਚ ਡਾਕਟਰ ਅਨਿਲਜੀਤ ਕੰਬੋਜ ਉੱਤੇ ਹੋਏ ਹਮਲੇ ਤੋਂ ਬਾਅਦ ਮੈਡੀਸਿਟੀ ਹਸਪਤਾਲ ਮੋਗਾ ਦੇ ਡਾ. ਅਜਮੇਰ ਕਾਲੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਤਬੀਅਤ ਬਾਰੇ ਵੱਡੀ ਜਾਣਕਾਰੀ ਸਾਂਝੀ ਕੀਤੀ।
ਜਿਹੜੀ ਕੱਲ੍ਹ ਸਰਜਰੀ ਹੋਈ ਸੀ, ਉਹ ਲਗਭਗ ਢਾਈ ਤੋਂ ਤਿੰਨ ਘੰਟੇ ਤੱਕ ਚੱਲੀ। ਮਰੀਜ਼ ਦੇ ਸਰੀਰ ਵਿੱਚ ਦੋ ਗੋਲੀਆਂ ਸੀ, ਜਿਨ੍ਹਾਂ ਵਿੱਚੋਂ ਇੱਕ ਗੋਲੀ ਪਹਿਲਾਂ ਹੀ ਆਪਣੇ ਆਪ ਨਿਕਲ ਚੁੱਕੀ ਸੀ, ਜਦਕਿ ਦੂਜੀ ਗੋਲੀ ਅਸੀਂ ਸਰਜਰੀ ਕਰਕੇ ਕੱਢੀ ਹੈ। ਸਾਰਾ ਕੁਝ ਰੀਪੇਅਰ ਕਰ ਦਿੱਤਾ ਗਿਆ, ਪਰ ਅੰਦਰੂਨੀ ਨੁਕਸਾਨ ਕਾਫੀ ਵੱਧ ਸੀ।"
ਉਹਨਾਂ ਨੇ ਅੱਗੇ ਕਿਹਾ, "ਇੱਕ ਗੋਲੀ ਅੰਤੜੀ ਵਿੱਚੋਂ ਲੰਘੀ, ਜਿਸ ਕਾਰਨ ਸਪਲੀਨ ਨੂੰ ਵੀ ਨੁਕਸਾਨ ਪਹੁੰਚਿਆ। ਸਪਲੀਨ ਨੂੰ ਹਟਾਉਣਾ ਪਿਆ। ਹਾਲਾਂਕਿ ਹੁਣ ਉਹ ਫਿਜੀਕਲੀ ਥੋੜੇ ਬਿਹਤਰ ਹਨ। ਸਾਰੀ ਟੀਮ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ।"
"ਹੁਣ ਫਿਲਹਾਲ ਬਿਲਡਿੰਗ ਕੰਟਰੋਲ ਵਿੱਚ ਹੈ, ਪਰ ਮਰੀਜ਼ ਹਜੇ ਵੀ ਸਦਮੇ ’ਚ ਹਨ। ਬਾਡੀ ਪੂਰਾ ਸਾਥ ਨਹੀਂ ਦੇ ਰਹੀ। ਬੀਪੀ ਕਾਫ਼ੀ ਹੱਦ ਤੱਕ ਕੰਟਰੋਲ ਹੋ ਰਿਹਾ ਹੈ। ਇੰਜੈਕਸ਼ਨ ਨਾਲ ਸਪੋਰਟ ਦਿੱਤੀ ਜਾ ਰਹੀ ਹੈ।"
"ਜਿਵੇਂ ਹੀ ਕੋਈ ਵਧੀਕ ਅਪਡੇਟ ਆਉਂਦੀ ਹੈ ਜਾਂ ਹਾਲਤ ਸਥਿਰ ਹੋਂਦੀ ਹੈ, ਅਸੀਂ ਸਾਰਿਆਂ ਨੂੰ ਜਾਣਕਾਰੀ ਦਿਆਂਗੇ। ਮੌਜੂਦਾ ਸਮੇਂ ’ਚ ਉਹ 100% ਇੰਜੈਕਸ਼ਨ ਦੀ ਸਪੋਰਟ ’ਤੇ ਹਨ। ਜੇਕਰ ਇਹ ਘੱਟ ਕੇ 12 ਤੱਕ ਆ ਜਾਂਦੀ ਹੈ, ਤਾਂ ਅਸੀਂ ਇਹ ਸਮਝਾਂਗੇ ਕਿ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਪਰ ਅਜੇ ਵੀ ਅਗਲੇ 24 ਘੰਟੇ ਕਾਫੀ ਜ਼ਰੂਰੀ ਹਨ।"
ਡਾਕਟਰਾਂ ਦੀ ਟੀਮ ਡਾਕਟਰ ਅਨਿਲਜੀਤ ਕੰਬੋਜ ਦੀ ਜਾਨ ਬਚਾਉਣ ਲਈ ਹਰੇਕ ਸੰਭਵ ਕੋਸ਼ਿਸ਼ ਕਰ ਰਹੀ ਹੈ। ਮਰੀਜ਼ ਦੀ ਹਾਲਤ ਹਜੇ ਵੀ ਨਾਜ਼ੁਕ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਸਿਹਤ ਵਿੱਚ ਸੁਧਾਰ ਹੋਵੇਗਾ।